Breaking News

Articles

ਸੱਚ ਤੋਂ ਬਿਨਾਂ ਮਨੁੱਖ ਹੀ ਭੂਤ ਹੈ

07 Mar,2014

ਸੱਚ ਤੋਂ ਬਿਨਾਂ ਮਨੁੱਖ ਹੀ ਭੂਤ ਹੈ - ਭਾਈ ਸਰਬਜੀਤ ਸਿੰਘ ਧੂੰਦਾ

ਭੂਤ ਪ੍ਰੇਤ, ਕੋਈ ਵੱਖਰੀ ਜੂਨ ਨਹੀ ਮਨੁੱਖ ਦੇ ਜੀਵਨ ਵਿੱਚੋਂ ਜਦੋਂ ਸੱਚ ਖੰਭ ਲਾਕੇ ਉਡ ਜਾਂਦਾ ਹੈ ਮਨੁੱਖ ਨਾਲੋਂ ਹੋਰ ਕੋਈ ਵੀ ਵੱਡਾ ਭੂਤਨਾਂ ਨਹੀ। ਸੱਚ ਨਾ ਹੋਣ ਕਰਕੇ ਇਹ ਮਨੁੱਖ ਆਪਣਾਂ ਜੀਵਨ ਕੋਝਾ ਬਣਾ ਚੁੱਕਾ ਹੈ। ਜਦੋਂ ਕਿਸੇ ਰਾਜ ਵਿੱਚ ਕਾਲ ਪੈ ਜਾਵੇ ਤਾਂ ਦੂਸਰੇ ਰਾਜ ਦੇ ਰਾਜੇ ਕੋਲੋਂ ਅੰਨ, ਕਪੜੇ, ਆਦਿਕ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਦੀਆਂ ਹਨ। ਪਰ ਜੇ ਕਿਤੇ ਸੱਚ ਦਾ ਕਾਲ ਪੈ ਜਾਵੇ ਤਾਂ ਇਹ ਲੋੜ ਤਾਂ ਉਹੀ ਮਨੁੱਖ ਕਿਸੇ ਦੀ ਪੂਰੀ ਕਰੇਗਾ ਜਿਸ ਦੇ ਕੋਲ ਪਹਿਲਾਂ ਆਪਣੇ ਕੋਲ ਸੱਚ ਹੋਵੇਗਾ। ਤੇ ਗੁਰੂ ਜੀ ਆਸਾ ਕੀ ਵਾਰ ਅੰਦਰ ਇਸ ਸਚਾਈ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਮਝਾਉਦੇ ਹਨ।
ਸਲੋਕੁ ਮਃ ੧ ॥ ਸਚਿ ਕਾਲੁ ਕੂੜੁ ਵਰਤਿਆ ਕਲਿ ਕਾਲਖ ਬੇਤਾਲ ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ ॥ 
ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ ॥ 
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ਨਾਨਕ ਭਗਤੀ ਜੇ ਰਪੈ ਕੂੜੈ ਸੋਇ ਨ ਕੋਇ ॥੧॥  (ਪੰਨਾ-468)

ਛੋਲਿਆਂ ਦਾ ਦਾਣਾ ਸਾਬਤ ਹੋਵੇ ਤਾਂ ਹੀ ਉਗਦਾ ਹੈ ਜੇ ਉਸ ਦੀ ਦਾਲ ਬਣ ਜਾਵੇ ਤਾਂ ਉਹ ਉਗਣ ਦੀ ਤਾਕਤ ਗੁਆ ਬੈਠਦਾ ਹੈ। ਇਸੇ ਤਰਾਂ ਅਸੀ ਵੀ ਆਪਣੇ ਮਨ ਦੀ ਦਾਲ ਬਣਾਂ ਲਈ ਹੈ, ਭਾਵ ਸਾਡਾ ਮਨ ਵੀ ਦਾਲ ਦੀ ਤਰਾਂ ਦੋ ਫਾੜ ਹੋਗਿਆ ਹੈ ਅੱਧਾ ਮਨ ਸਾਡਾ ਸ਼ਬਦ ਗੁਰੂ ਅੱਗੇ ਝੁਕਦਾ ਹੈ ਤੇ ਅੱਧਾ ਕਿਸੇ ਅਖੌਤੀ ਸਾਧ ਜਾਂ ਕਿਸੇ ਮੜ੍ਹੀ ਕਬਰ ਅੱਗੇ ਝੁਕ ਰਿਹਾ ਹੈ। ਸਾਡਿਆਂ ਮਨਾਂ ਨੂੰ ਦਾਲ ਦੀ ਤਰਾਂ ਦੋਫਾੜ ਕਰਨ ਵਿੱਚ ਸਾਡਿਆਂ ਆਪਣਿਆਂ ਹੀ ਵੱਧ-ਚੜ੍ਹ ਕੇ ਲਾਲਚ ਵੱਸ ਹੋ ਕੇ ਯੋਗਦਾਨ ਪਾਇਆ ਹੈ।
ਸਾਰੀ ਗੁਰਬਾਣੀ ਵਿੱਚ ਬਾਰ ਬਾਰ ਇੱਕ ਅਕਾਲ ਪੁਰਖ ਦੀ ਹੀ ਗੱਲ ਕੀਤੀ ਹੈ ਹਰ ਰਾਗ ਜਾਂ ਕਿਸੇ ਬਾਣੀ ਦੇ ਅਰੰਭ ਵਿੱਚ ਵੀ ੴ ਦੀ ਹੀ ਵਰਤੋਂ ਕੀਤੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਉਸ ਇੱਕ ਨੂੰ ਪਾਉਣ ਲਈ ਵੀ ਪਹਿਲਾਂ ਆਪਣੇ ਆਪ ਨੂੰ ਇੱਕ ਕਰਨ ਦੀ ਲੋੜ ਹੈ ਅਜੋਕੇ ਦੌਰ ਅੰਦਰ ਜੇ ਸਾਡੀਆਂ ਪ੍ਰਵਾਰਕ ਮੁਸਕਲਾਂ ਵੱਧ ਰਹੀਆਂ ਹਨ ਤਾਂ ਉਸ ਦਾ ਵੀ ਮੁਖ ਕਾਰਨ ਇਹੋ ਹੀ ਹੈ ਕਿ ਸਾਡੇ ਆਪਣੇ ਮਨ ਹੀ ਸੱਚ ਤੋਂ ਦੂਰ ਹੋ ਗਏ ਹਨ ਜਿਸ ਲਈ ਅਸੀਂ ਜ਼ਿੰਦਗੀ ਦੇ ਤਾਲ ਤੋਂ ਖੁੰਝਣ ਕਰਕੇ ਬੇਤਾਲੇ ਹੋ ਗਏ ਹਾਂ। ਸਾਨੂੰ ਆਪਣੇ ਆਪ ਤੋਂ ਵੀ ਡਰ ਲਗ ਰਿਹਾ ਹੈ ਤੇ ਸਾਡੇ ਆਪਣੇ ਪਰਵਾਰਕ ਮੈਂਬਰ, ਸਮਾਜ, ਆਦਿਕ ਸਾਰੇ ਹੀ ਸਾਡੇ ਜੀਵਨ ਤੋਂ ਨਾ ਖੁਸ਼ ਹਨ।
ਹੁਣ ਇਸ ਉਦਾਸੀ ਵਾਲੇ ਜੀਵਨ ਤੋਂ ਛੁਟਕਾਰਾ ਪਾਉਣ ਦਾ ਇੱਕੋ ਹੀ ਰਸਤਾ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਕੀ ਵਾਰ ਦੇ ਸਲੋਕ ਅੰਦਰ ਪਹਿਲਾਂ ਤਾਂ ਆਪਣਾਂ ਮਨ ਇੱਕ ਨਾਲ ਜੋੜਣ ਦੀ ਸਿਖਿਆ ਦਿੱਤੀ ਹੈ ਫਿਰ ਇਸ ਮਨ ਨੂੰ ਉਸ ਸੱਚ ਦੀ ਮੂਰਤਿ ਅਕਾਲ ਪੁਰਖ ਦੇ ਪ੍ਰੇਮ ਨਾਲ ਰੰਗਣ ਦਾ ਤਰੀਕਾ ਦਸਿਆ ਹੈ।
(1) ਆਪਣੇ ਮਨ ਵਿੱਚ ਨਿਰਮਲ ਭਉ ਰੱਖਣਾ ਜਿਵੇਂ ਔਰਤ ਅਤੇ ਮਰਦ ਜੇ ਇੱਕ ਦੂਜੇ ਦਾ ਨਿਰਮਲ ਭਉ ਆਪਣੇ ਮਨ ਰੱਖਣ ਤਾਂ ਉਹਨ੍ਹਾਂ ਦਾ ਜੀਵਨ ਕਦੇ ਵੀ ਵਿਭਚਾਰੀ ਨਹੀਂ ਹੋਵੇਗਾ ਇੱਕ ਦੂਜੇ ਪ੍ਰਤੀ ਨਿਰਮਲ ਭਉ ਹੀ ਉਹਨਾਂ ਦੇ ਜੀਵਨ ਨੂੰ ਸੁੰਦਰ ਬਣਾਂਉਦਾ ਹੈ। ਜਿੰਨਾਂ ਦੇ ਪਰਵਾਰਾਂ ਵਿੱਚ ਨਿਰਮਲ ਭਉ ਦੀ ਘਾਟ ਨਜ਼ਰ ਆੳੁਂਦੀ ਹੈ, ਉਹ੍ਹਨਾਂ ਘਰਾਂ ਵਿੱਚ ਉਹ ਆਪਣੀ ਜ਼ਿੰਦਗੀ ਨਰਕਾਂ ਤੋਂ ਵੀ ਭੈੜੀ ਬਤੀਤ ਕਰ ਰਹੇ ਹਨ, ਉਹ ਪਰਵਾਰ ਹੀ ਅਸਲ ਵਿੱਚ ਜਿਊਂਦੇ ਭੂਤ ਹਨ। ਜੇ ਅਸੀਂ ਆਪਣੇ ਮਨ ਅੰਦਰ ਇੱਕ ਦੂਸਰੇ ਲਈ ਨਿਰਮਲ ਭਉ  ਰੱਖਾਂਗੇ ਤਾਂ ਅਸੀਂ ਕਦੀ ਵੀ ਕਿਸੇ ਨਾਲ ਧੋਖਾ ਨਹੀ ਕਰਾਂਗੇ ਇਹ ਹੈ ਮਨ ਨੂੰ ਖੁੰਭ ਚਾੜਣਾਂ। (ਧੋਬੀ ਦਾ ਉਹ ਬਰਤਨ, ਜਿਸ ਵਿਚ ਖਾਰ ਨਾਲ ਮਿਲਿਆ ਪਾਣੀ ਪਾ ਕੇ ਉੱਪਰ ਵਸਤ੍ਰ ਚਿਣ ਕੇ ਤੇਜ਼ ਭਾਫ਼ ਦੇਂਦਾ ਹੈ, ਜਿਸ ਤੋਂ ਮੈਲ਼ ਅਲੱਗ ਹੋ ਜਾਂਦੀ ਹੈ)
(2) ਆਪਣੇ ਹੱਕ ਦੀ ਹੀ ਕਮਾਈ ਆਪ ਅਤੇ ਆਪਣੇ ਪਰਵਾਰਕ ਮੈਬਰਾਂ ਨੂੰ ਖਵਾਉਣੀ ਭਾਵ ਹੱਡ ਹਰਾਮੀ ਨਾ ਬਣਨਾ ਅੱਜ ਕਿਰਤੀਆਂ ਦੀ ਕਮਾਈ ਤੇ ਕਮੀਨੇ ਐਸ਼ ਕਰ ਰਹੇ ਹਨ, ਭਾਈ ਲਾਲੋ ਕਿਰਤੀ ਸੀ ਤੇ ਮਲਕ ਭਾਗੋ ਕੰਮੀਨਾ ਸੀ ਜੋ ਕਿਰਤੀਆਂ ਦੀ ਕਮਾਈ ਨਾਲ ਵੇਲੜ ਸਾਧਾਂ ਨੂੰ ਖਵਾ ਰਿਹਾ ਸੀ ਅੱਜ ਵੀ ਕਿਰਤੀ ਪਰਵਾਰਾਂ ਦੇ ਬੱਚਿਆਂ ਦੇ ਮੂੰਹ ਵਿੱਚੋਂ ਖੋਹ ਕੇ ਕਿਰਤੀਆਂ ਦੀ ਕਮਾਈ ਨਾਲ ਵੇਲੜ੍ਹ ਸਾਧ ਰਜਾਏ ਜਾ ਰਹੇ ਹਨ। ਖੈਰ! ਅਸੀਂ ਆਪਣੀ ਹੱਢ ਭੰਨਵੀਂ ਮਿਹਨਤ ਜ਼ਰੂਰ ਕਰਨੀ ਪਰ ਅਕਲ ਦੀ ਵਰਤੋਂ ਕਰਨ ਤੋਂ ਬਿਨ੍ਹਾਂ ਐਵੇਂ ਕਿਸੇ ਵਿਲਹੜ੍ਹ ਨੂੰ ਮੱਥਾ ਨਹੀਂ ਟੇਕ ਦੇਣਾ ‘ਅਕਲੀ ਕੀਚੈ ਦਾਨ’ ਦੇ ਮਹਾਵਾਕ ਅਨੁਸਾਰ ਕਿਸੇ ਲੋੜਵੰਦ ਤੇ ਖਰਚ ਕਰਨਾ ਹੈ।
(3) ਜਦੋਂ ਇਸ ਤਰਾਂ ਸਾਨੂੰ ਨਿਰਮਲ ਭਉ ਰੱਖਣਾ ਆ ਗਿਆ ਧਰਮ ਦੀ ਕਿਰਤ ਕਰਨ ਦੀ ਆਦਿਤ ਬਣ ਗਈ ਫਿਰ ਸਾਡਾ ਮਨ ਅਸਲ ਭਗਤੀ ਵਿੱਚ ਰੰਗਿਆ ਜਾਵੇਗਾ ਤੇ ਕੋਈ ਵੀ ਬੁਰਾਈ ਸਾਡੇ ਮਨਾ ਤੇ ਅਸਰ ਨਹੀਂ ਕਰ ਸਕੇਗੀ ਇਹੋ ਹੀ ਅਸਲ ਤਰੀਕਾ ਹੈ ਜਿਸ ਨਾਲ ਅਸੀਂ ਆਪਣੇ ਜੀਵਨ ਵਿੱਚੋਂ ਬੁਰਾਈਆਂ ਦੂਰ ਕਰ ਸਕਦੇ ਹਾਂ। ਗੁਰਬਾਣੀ ਨੂੰ ਖੁਦ ਪੜ੍ਹਣ ਅਤੇ ਵੀਚਾਰਨ ਦੀ ਆਦਿਤ ਪਾਉਣੀ ਚਾਹੀਦੀ ਹੈ ਤਾਂ ਕਿ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਣਾ ਸਕੀਐ।

(Mobile No. 98555-98851) Email: info@ssdhunda.com