Breaking News

Articles

ਏਹ ਤਿਸਨਾ ਵਡਾ ਰੋਗੁ ਲਗਾ...

07 Mar,2014

ਏਹ ਤਿਸਨਾ ਵਡਾ ਰੋਗੁ ਲਗਾ...-ਭਾਈ ਸਰਬਜੀਤ ਸਿੰਘ ਧੂੰਦਾ 

ਤ੍ਰਿਸ਼ਨਾਂ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ ਜੋ ਮਨੁੱਖ ਨੂੰ ਕਦੀ ਵੀ ਤ੍ਰਿਪਤ ਨਹੀ ਹੋਣ ਦੇਂਦੀ ਅਤੇ ਤ੍ਰਿਸ਼ਨਾਂ ਦਾ ਕੋਈ ਇੱਕ ਰੂਪ ਨਹੀ, ਇਹ ਤਾਂ ਇਨਸਾਨ ਨੂੰ ਕਈ ਰੂਪਾਂ ਵਿੱਚ ਆਣ ਚਿੰਬੜ ਦੀ ਹੈ, ਅਸੀ ਆਮ ਕਰਕੇ ਇਹ ਕਹਿੰਦੇ ਹਾਂ ਕਿ ਜਿਹੜਾ ਮਨੁੱਖ ਪੈਸੇ ਮਗਰ ਜਿਆਦਾ ਦੌੜਦਾ ਹੋਵੇ ਉਹ ਤ੍ਰਿਸ਼ਨਾਲੂ ਬਿਰਤੀ ਦਾ ਮਾਲਕ ਹੁੰਦਾ ਹੈ ਪਰ ਜਦੋ ਅਸੀ ਦੁਨੀਆਂ ਵਿੱਚ ਧਿਆਨ ਨਾਲ ਵੇਖਦੇ ਹਾਂ ਤ੍ਰਿਸ਼ਨਾ ਦੇ ਕਈ ਰੂਪ ਨਜਰ ਆਉਦੇ ਹਨ ਆਉ ਇਹਨ੍ਹਾਂ ਵਿਚੋਂ ਕੁੱਝ ਰੂਪਾਂ ਤੇ ਝਾਤ ਮਾਰੀਏ।
(1) ਪੁਰਾਨੇ ਸਮੇ ਅੰਦਰ ਮਾਂ ਬਾਪ ਹੀ ਲੜਕੀ ਲੜਕਾ ਵੇਖ ਆਉਦੇ ਸਨ ਤੇ ਉਹਨਾਂ ਦੇ ਵਿਆਹ ਹੋ ਜਾਦੇ ਸਨ, ਉਹ ਸਾਰੇ ਵੀ ਇੱਕ ਦੂਜੇ ਤੋਂ ਖੁਸ਼ ਨਹੀਂ ਸਨ । ਉਸ ਤੋਂ ਬਆਦ ਉਹ ਸਮਾਂ ਆ ਗਿਆ ਜਦੋਂ ਦੋਵਾਂ ਪਰਵਾਰਾਂ ਦੇ ਸਾਹਮਣੇ ਲੜਕੀ ਲੜਕਾ ਇੱਕ ਦੂਜੇ ਨੂੰ ਪਸੰਦ ਕਰਦੇ ਸਨ ਵਿਆਹ ਤੋ ਬਾਅਦ ਉਹਨਾਂ ਵਿਚੋਂ ਵੀ ਸਾਰੇ ਇੱਕ ਦੂਜੇ ਤੋਂ ਖੁਸ ਨਹੀ ਰਹਿੰਦੇ ਇਸ ਦਾ ਮੁੱਖ ਕਾਰਨ ਹੈ ਕਿ ਜਦੋਂ ਲੜਕੀ ਅਤੇ ਲੜਕੇ ਦੇ ਪਰਵਾਰ ਵਾਲੇ ਇੱਕ ਦੂਸਰੇ ਨਾਲ ਰਿਸਤਾ ਜੋੜਦੇ ਹਨ ਉਸ ਸਮੇ ਗੁਣ ਨਹੀ ਕੇਵਲ ਸਰੀਰ ਦੀ ਚਿੱਟੀ ਚਮੜੀ ਅਤੇ ਪੈਸਾ ਵੇਖਿਆ ਜਾਂਦਾ ਹੈ ਜੋ ਮਨੁਖ ਨੂੰ ਸਦੀਵੀ ਸੁਖ ਨਹੀ ਦੇ ਸਕਦੇ ਕੁੱਝ ਵੱਖਤ ਬੀਤਣ ਤੋਂ ਬਾਅਦ ਉਹ ਲੜਕੀ ਆਪਣੇ ਮਨ ਵਿੱਚ ਸੋਚਦੀ ਹੈ ਕਿਤੇ ਫਲਾਣੇ ਲੜਕੇ ਨਾਲ ਮੇਰਾ ਵਿਆਹ ਹੋ ਜਾਂਦਾ ਤਾਂ ਮੈ ਸੁਖੀ ਹੋ ਜਾਣਾ ਸੀ। ਇਸੇ ਤਰਾਂ ਲੜਕਾ ਵੀ ਆਪਣੇ ਮਨ ਵਿੱਚ ਇਹੀ ਸੋਚਦਾ ਹੈ ਕਿ ਜਿਹੜੀ ਲੜਕੀ ਨਾਲ ਮੈ ਪੜ੍ਹਦਾ ਸੀ ਉਹ ਕਿਤੇ ਮੇਰੇ ਜੀਵਨ ਵਿੱਚ ਆ ਜਾਂਦੀ ਮੇਰੇ ਜੀਵਨ ਵਿੱਚ ਸੁਖ ਭਰ ਜਾਣੇ ਸੀ ਕਾਸ਼ ਕਿਤੇ ਇਸ ਤਰਾਂ ਹੁੰਦਾ। ਇਹ ਵੀ ਤ੍ਰਿਸ਼ਨਾਂ ਦਾ ਇੱਕ ਰੂਪ ਹੈ
(2) ਅਜੋਕੇ ਸਮੇਂ ਅੰਦਰ ਜਦੋਂ ਅਸੀ ਦੁਨੀਆਂ ਨੂੰ ਧਿਆਨ ਨਾਲ ਵੇਖਦੇ ਹਾਂ ਲਵ ਮੈਰਿਜ ਦਾ ਰਿਵਾਜ ਬਹੁਤ ਜਿਆਦਾ ਪੈ ਗਿਆ ਹੈ ਲਵ ਮੈਰਿਜ ਵਿੱਚ ਤਾਂ ਲੜਕੀ ਲੜਕਾ ਆਪਣੀ ਮਰਜੀ ਨਾਲ ਇੱਕ ਦੂਜੇ ਦੀ ਚੋਣ ਕਰਦੇ ਹਨ। ਪਰ ਕੀ ਸਾਰੇ ਹੀ ਲਵ ਮੈਰਜ ਕਰਵਾਉਣ ਵਾਲੇ ਆਪਣੇ ਵਿਆਹੁਤਾ ਜੀਵਨ ਤੋਂ ਖੁਸ ਹਨ, ਤਾਂ ਤੁਹਾਨੂੰ ਉਹਨਾਂ ਕੋਲੋ ਪੁਛਣ ਤੋਂ ਬਾਆਦ ਪਤਾ ਚਲ ਜਾਏਗਾ ਕਿ ਬਹੁਤ ਘੱਟ ਕੋਰਟ ਮੈਰਜ (ਪ੍ਰੇਮ ਵਿਆਹ) ਕਰਵਾਉਣ ਵਾਲੇ ਆਪਣੇ ਜੀਵਨ ਸਾਥੀ ਤੋਂ ਖੁਸ ਹਨ। ਲੜਕੀ ਲੜਕੇ ਨੂੰ ਕਹਿ ਰਹੀ ਹੁੰਦੀ ਹੈ, ਕਿ ਮੈਨੂੰ ਤੇ ਤੇਰੇ ਨਾਲੋਂ ਜਿਆਦਾ ਸੁੰਦਰ ਅਤੇ ਅਮੀਰ ਘਰਾਣੇ ਦਾ ਰਿਸਤਾ ਆ ਰਿਹਾ ਸੀ ਮੈ ਤੇ ਉਸ ਸਮੇਂ ਨੂੰ ਯਾਦ ਕਰਕੇ ਝੂਰ ਰਹੀ ਹਾਂ ਕਾਸ਼ ਕਿਤੇ ਮੈ ਆਪਣੇ ਮਾਤਾ ਪਿਤਾ ਦੀ ਗੱਲ ਮੰਨੀ ਹੁੰਦੀ ਤੇਰੇ ਵਰਗੇ ਨਾਲ ਮੇਰਾ ਰਿਸਤਾ ਨਾ ਬਣਦਾ, ਇਸੇ ਤਰਾਂ ਲੜਕਾ ਲੜਕੀ ਨੂੰ ਕਹਿ ਰਿਹਾ ਹੁੰਦਾ ਹੈ ਮੈਨੂੰ ਤੇ ਤੇਰੇ ਨਾਲੋਂ ਜਿਆਦਾ ਸੁੰਦਰ ਲੜਕੀ ਦਾ ਰਿਸਤਾ ਆਉਦਾ ਸੀ ਅਤੇ ਦਾਜ ਵਿੱਚ ਵੀ ਕਈ ਕੁੱਝ ਦੇਂਦੇ ਸੀ, ਪਰ ਉਦੋਂ ਮੈ ਤੇਰੇ ਪਿਆਰ ਵਿੱਚ ਅੰਨ੍ਹਾਂ ਹੋ ਗਿਆ ਸੀ ਜੋ ਮੈ ਆਪਣੇ ਮਾਤਾ ਪਿਤਾ ਦੀ ਗੱਲ ਵੀ ਨਾ ਸੁਣ ਸਕਿਆ, ਕੀ ਵੀ ਰੂਪ ਰੰਗ ਦੀ ਹੀ ਇਹ ਤ੍ਰਿਸ਼ਨਾ ਨਹੀ?
(3) ਤੇ ਕਈ ਇਨਸਾਨ ਐਸੇ ਵੀ ਵੇਖੇ ਹਨ ਜਿੰਨਾਂ ਕੋਲ ਚੰਗੀ ਭਲੀ ਨੌਕਰੀ ਵੀ ਹੁੰਦੀ ਹੈ ਪਰ ਫਿਰ ਵੀ ਉਹ੍ਹਨਾਂ ਨੂੰ ਸਾਰੀ ਜਿੰਦਗੀ ਇਹ ਝ੍ਹੋਰਾ ਲਗਾ ਰਹਿੰਦਾ ਹੈ ਕਾਸ਼! ਕਿਤੇ ਮੈਨੂੰ ਅੌਹ ਨੌਕਰੀ ਮਿਲ ਜਾਂਦੀ ਤੇ ਮੈ ਬਹੁਤ ਸੁਖੀ ਹੋਣਾਂ ਸੀ ਕੀ ਇਹ ਤ੍ਰਿਸ਼ਨਾ ਨਹੀ?
(4) ਇਸੇ ਤਰਾਂ ਕਿਸੇ ਪਿੰਡ ਵਿੱਚ ਰਹਿਣ ਵਾਲਾ ਸਧਾਰਨ ਜਿਹਾ ਵਿਅਕਤੀ ਇਹ ਸੋਚ ਰਿਹਾ ਹੈ ਕਿਤੇ ਮੈ ਪਿੰਡ ਦਾ ਸਰਪੰਚ ਹੁੰਦਾ ਤੇ ਮੇਰੇ ਦਰਵਾਜੇ ਤੇ ਵੀ ਦਿਨ ਚੜਦਿਆਂ ਕਈ ਦੁਖੀ ਲੋਕ ਬੈਠੇ ਹੁੰਦੇ ਤੇ ਮੈ ਉਹ੍ਹਨਾਂ ਦੇ ਫੈਸਲੇ ਕਰਦਾ ਹੁੰਦਾ ਤੇ ਮੇਰੀ ਕਿੰਨੀ ਵਡਿਆਈ ਹੋਣੀ ਸੀ। ਇਸੇ ਤਰਾਂ ਸਰਪੰਚ ਸੋਚ ਰਿਹਾ ਹੈ ਕਿਤੇ ਮੈ ਐਮ ਐਲ ਏ ਹੁੰਦਾ ਤਾਂ ਮੇਰਾ ਵੱਡੇ ਵੱਡੇ ਬੰਦਿਆਂ ਨਾਲ ਬਹਿਣ ਖਲੋਣ ਹੋਣਾ ਸੀ ਤੇ ਕਿੰਨਾਂ ਮਜਾ ਆਉਦਾ ਜਿੰਦਗੀ ਜਿਊਣ ਦਾ ਤੇ ਐਮ ਐਲ ਏ ਇਹ ਸੋਚ ਰਿਹਾ ਹੈ ਕਿਤੇ ਮੈ ਐਮ ਪੀ ਹੁੰਦਾ ਕਿੰਨਾਂ ਅਨੰਦ ਆਉਣਾ ਸੀ ਇਸੇ ਤਰਾਂ ਇੱਕ ਸਧਾਰਨ ਵਿਅਕਤੀ ਤੋਂ ਲੈ ਕਿ ਮੁੱਖ ਮੰਤਰੀ, ਤੇ ਮੁੱਖ ਮੰਤਰੀ ਤੋਂ ਲੈਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਕਿਸੇ ਵਿਰਲੇ ਮਨੁੱਖ ਨੂੰ ਛੱਡਕੇ ਆਪਣੀ ਥਾਂ ਤੇ ਕੋਈ ਖੁਸ ਹੈ ਨਹੀ ਤਾਂ ਸਾਰੇ ਹੀ ਇੱਕ ਦੂਜੇ ਵੱਲ ਵੇਖਕੇ ਦੁੱਖੀ ਹੋਈ ਜਾ ਰਹੇ ਹਾਂ ਕੀ ਇਹ ਤ੍ਰਿਸ਼ਨਾ ਨਹੀ?
(5) ਕਿਸੇ ਦਫਤਰ ਵਿੱਚ ਲੱਗਾ ਹੋਇਆ ਚਪੜਾਸੀ ਇਹ ਸੋਚ ਰਿਹਾ ਹੈ ਕਿ ਕਾਸ਼ ਕਿਤੇ ਮੇਰੇ ਕੋਲ ਵੀ ਕਲਰਕ ਦੀ ਨੌਕਰੀ ਹੁੰਦੀ ਮੈ ਵੱਧੀਆ ਜੀਵਨ ਬਤੀਤ ਕਰਦਾ ਤੇ ਕਲਰਕ ਮੈਨੇਜਰ ਬਾਰੇ ਇਸ ਤਰਾਂ ਸੋਚ ਰਿਹਾ ਹੈ ਕਿ ਮੈ ਮੈਨੇਜਰ ਬਣਕੇ ਬਹੁਤ ਵੱਧੀਆ ਜੀਵਨ ਗੁਜਾਰਨਾਂ ਸੀ ਇਸ ਤਰਾਂ ਇਹ ਸਾਰੇ ਇੱਕ ਦੂਜੇ ਬਾਰੇ ਸੋਚ ਕੇ ਦੁੱਖੀ ਹੋਈ ਜਾ ਰਹੇ ਹਨ। ਕੀ ਇਹ ਤ੍ਰਿਸ਼ਨਾ ਨਹੀ?
(6) ਇਸੇ ਤਰਾਂ ਕਿਸੇ ਗੁਰਦੁਆਰੇ ਵਿੱਚ ਲੱਗਾ ਸੇਵਾਦਾਰ ਇਹ ਸੋਚ ਰਿਹਾ ਹੈ ਕਿ ਕਿਤੇ ਮੈ ਗ੍ਰੰਥੀ ਹੁੰਦਾ ਬਹੁਤ ਅਨੰਦ ਆਉਣਾ ਸੀ ਤੇ ਕਹਿਣ ਤੋਂ ਭਾਵ ਸਾਡੀ ਪ੍ਰਚਾਰਕ ਸ਼੍ਰੇਣੀ ਵੀ ਜਿੰਨਾਂ ਵਿੱਚ ਰਾਗੀ, ਢਾਡੀ, ਕਵੀਸ਼ਰ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਹ ਸਾਰੇ ਵੀ ਆਪਣੀ ਆਪਣੀ ਜਗਾ ਤੇ ਖੁਸ ਨਹੀ ਹਨ ਇੱਕ ਦੂਜੇ ਵੱਲ ਵੇਖ ਵੇਖਕੇ ਦੁਖੀ ਹੋਈ ਜਾਂਦੇ ਹਨ। ਕੀ ਇਹ ਤ੍ਰਿਸ਼ਨਾਂ ਨਹੀ?
(7) ਕੋਈ ਆਪਣੇ ਸਰੀਰ ਤੇ ਸਤੁੰਸਟ ਨਹੀ ਉਹ ਦੂਜਿਆਂ ਦੇ ਸਰੀਰ ਵੱਲ ਵੇਖਕੇ ਰੱਬ ਨੂੰ ਕਹਿ ਰਿਹਾ ਹੈ ਕਿਤੇ ਮੈਨੂੰ ਉਹਦੇ ਵਰਗਾ ਸੁੰਦਰ ਸਰੀਰ ਦੇਂਦਾ ਤਾਂ ਕਿੰਨਾਂ ਮਜਾ ਆਉਣਾ ਸੀ ਕਹਿਣ ਤੋਂ ਭਾਵ ਹੈ ਕੋਈ ਵਿਰਲਾ ਮਨੁੱਖ ਹੀ ਹੋਵੇਗਾ ਜੋ ਹੈ ਉਸ ਅਕਾਲ ਪੁਰਖ ਦਾ ਉਸ ਵਲੋਂ ਦਿੱਤੀਆਂ ਦਾਤਾਂ ਦਾ ਸੁਕਰਾਨਾ ਕਰਦਾ ਹੈ ਨਹੀ ਤਾਂ ਇਨਸਾਨ ਦਾ ਜੀਵਨ ਸ਼ਿਕਵਿਆਂ ਗਿਲਿਆਂ ਨਾਲ ਭਰਿਆ ਪਿਆ ਹੈ ਗੁਰੂ ਜੀ ਦਾ ਇਸ ਬਾਰੇ ਉਪਦੇਸ ਹੈ:-
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥ (ਪੰਨਾ-316)
ਮਨੁੱਖ ਦੇ ਕੋਲ ਜੋ ਹੈ ਉਸ ਦਾ ਅਨੰਦ ਨਹੀ ਲੈ ਰਿਹਾ ਜੋ ਨਹੀ ਹੈ ਉਸ ਬਾਰੇ ਸੋਚ ਸੋਚ ਕਿ ਦੁਖੀ ਹੋਈ ਜਾ ਰਿਹਾ ਹੈ। ਹਾਂ ਇਕ ਗੱਲ ਹੋਰ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਗੁਰਬਾਣੀ ਨੇ ਕਿਤੇ ਵੀ ਤਰੱਕੀ ਕਰਨ, ਅੱਗੇ ਵੱਧਣ ਤੋਂ ਨਹੀਂ ਰੋਕਿਆ। ਇਮਾਨਦਾਰੀਦਾਰੀ ਨਾਲ ਯੋਗਤਾ ਆਸਰੇ ਮਨੁੱਖ ਨੇ ਹਮੇਸ਼ਾਂ ਤਰੱਕੀ ਕਰਨੀ ਹੈ, ਪਰ ਬਿਨਾਂ ਯੋਗਤਾ ਪੈਦਾ ਕੀਤੇ ਦੁਖੀ ਹੁੰਦੇ ਰਹਿਣਾ ਸਿਆਣਪ ਨਹੀਂ ਹੈ। ਸੋ ਆਉ! ਗੁਰੂ ਜੀ ਵਲੋਂ ਪਾਏ ਹੋਏ ਪੂਰਨਿਆਂ ਤੇ ਤੁਰੀਏ ਭਾਵ ਗੁਰਬਾਣੀ ਨੂੰ ਸਮਝ ਕੇ ਰਬੀ ਗੁਣਾਂ ਦੇ ਧਾਰਨੀ ਹੋਈਏ ਅਤੇ ਸੰਤੋਖੀ ਜੀਵਨ ਬਤੀਤ ਕਰੀਏ।

Sarbjit Singh Dhunda

(Mobile No. +91 9855598851)